ਨਾਭਾ ਦੇ ਪਿੰਡ ਰੋਹਟਾ ਤੇ ਰੋਹਟੀ ਮੌੜਾਂ ਵਿਖੇ ਖੇਤਾਂ ‘ਚ ਜਾ ਕੇ ਬੁਝਵਾਈ ਅੱਗ, ਕਿਸਾਨਾਂ ਨਾਲ ਗੱਲਬਾਤ
-ਕਿਹਾ, ਕਿਸਾਨ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਵਾਸਤੇ ਚੈਟਬੋਟ ਨੰਬਰ 7380016070 ‘ਤੇ ਸੰਪਰਕ ਕਰਨ
-ਪਿੰਡ ਦੇ ਨੰਬਰਦਾਰਾਂ, ਕਲੱਸਟਰ ਅਫ਼ਸਰ, ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ ਤੇ ਐਸ.ਡੀ.ਐਮ. ਦਫ਼ਤਰ ਦੀ ਵੀ ਲਈ ਜਾ ਸਕਦੀ ਹੈ ਮਦਦ
ਨਾਭਾ/ਪਟਿਆਲਾ, 16 ਨਵੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਅੱਜ ਨਾਭਾ ਦੇ ਹੌਟਸਪੌਟ ਪਿੰਡਾਂ ਦਾ ਇਕੱਠਿਆਂ ਦੌਰਾ ਕਰਦਿਆਂ ਦੋ ਥਾਵਾਂ ‘ਤੇ ਖੇਤਾਂ ਵਿੱਚ ਪਰਾਲੀ ਨੂੰ ਲਗਾਈ ਅੱਗ ਮੌਕੇ ‘ਤੇ ਜਾ ਕੇ ਬੁਝਵਾਈ। ਇਸ ਦੌਰਾਨ ਪਿੰਡ ਰੋਹਟਾ ਅਤੇ ਰੋਹਟੀ ਮੌੜਾਂ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਾਕਸ਼ੀ ਸਾਹਨੀ ਤੇ ਵਰੁਣ ਸ਼ਰਮਾ ਨੇ ਕਿਹਾ ਕਿ ਕਿਸਾਨ ਪਰਾਲੀ ਸੰਭਾਲਣ ਲਈ ਬੇਲਰ ਆਦਿ ਮਸ਼ੀਨਰੀ ਅਤੇ ਕਣਕ ਦੀ ਬਿਜਾਈ ਲਈ ਸੁਪਰ ਸੀਡਰ, ਹੈਪੀ ਸੀਡਰ ਤੇ ਸਰਫ਼ੇਸ ਸੀਡਰ ਲੈਣ ਲਈ ਵਟਸ ਐਪ ਚੈਟ ਬੋਟ ਨੰਬਰ 73800-16070 ‘ਤੇ ਸੰਪਰਕ ਕਰਨ। ਇਸ ਤੋਂ ਬਿਨ੍ਹਾਂ ਕਣਕ ਨੂੰ ਸੁੰਡੀ ਆਦਿ ਦੇ ਹਮਲੇ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸੁਪਰੀਮ ਕੋਰਟ ਅਤੇ ਨੈਸ਼ਨਲ ਗਰੀਨ ਟ੍ਰਿਬਿਊਨ ਦੇ ਪਰਾਲੀ ਨਾ ਸਾੜਨ ਬਾਰੇ ਆਦੇਸ਼ਾਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਰੋਜ਼ਾਨਾਂ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਪਿੰਡ ਦੇ ਨੰਬਰਦਾਰਾਂ, ਕਲੱਸਟਰ ਅਫ਼ਸਰਾਂ, ਖੇਤੀਬਾੜੀ ਵਿਭਾਗ, ਸਹਿਕਾਰੀ ਸਭਾਵਾਂ ਅਤੇ ਐਸ.ਡੀ.ਐਮ. ਦਫ਼ਤਰ ਨਾਲ ਸੰਪਰਕ ਕਰਕੇ ਵੀ ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਸੰਭਾਲ ਸਕਦੇ ਹਨ।
ਡੀ.ਸੀ. ਤੇ ਐਸ.ਐਸ.ਪੀ. ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੌਣ-ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅਤੇ ਆਪਣੀ ਤੇ ਆਪਣੇ ਬੱਚਿਆਂ ਦੀ ਜਿੰਦਗੀ ਤੇ ਪਸ਼ੂ-ਪੰਛੀਆਂ ਨੂੰ ਬਚਾਉਣ ਲਈ ਪਰਾਲੀ ਨਾ ਸਾੜਨ ਸਗੋਂ ਇਸਨੂੰ ਜਮੀਨ ਵਿੱਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ ਤਾਂ ਕਿ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਸਾੜਨ ਦੇ ਨੁਕਸਾਨ ਹੀ ਨੁਕਸਾਨ ਹਨ ਅਤੇ ਇਸ ਨੂੰ ਸੰਭਾਲਣ ਦੇ ਫਾਇਦੇ ਹੀ ਫਾਇਦੇ, ਇਸ ਲਈ ਕਿਸਾਨ ਪ੍ਰਸ਼ਾਸਨ ਦਾ ਸਾਥ ਦੇਕੇ ਪਰਾਲੀ ਨੂੰ ਸੜਨ ਤੋਂ ਰੋਕਣ ਲਈ ਅੱਗੇ ਆਉਣ ਤਾਂ ਕਿ ਪਰਾਲੀ ਤੇ ਨਾੜ ਨੂੰ ਅੱਗ ਲਾਉਣ ਦੇ ਨੁਕਸਾਨ ਤੋਂ ਬਚਿਆ ਜਾ ਸਕੇ।