ਢਾਈ ਏਕੜ ਤੋਂ ਘੱਟ ਜਮੀਨ ਵਾਲੇ ਕਿਸਾਨਾਂ ਦੇ ਖੇਤਾਂ ‘ਚ ਡੈਮੋ ਪਲਾਟ ਤਹਿਤ ਹੁਣ ਤੱਕ 75 ਏਕੜ ‘ਚ ਕਣਕ ਦੀ ਬਿਜਾਈ

ਸੁਪਰ ਐਸ.ਐਮ.ਐਸ. ਨਾਲ ਹੀ ਝੋਨੇ ਦੀ ਕਟਾਈ ਕਰਨ ਕੰਬਾਇਨਾਂ, ਆਰ.ਟੀ.ਏ. ਵੱਲੋਂ ਸਖਤਾਈ
-ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਪਿੰਡ-ਪਿੰਡ ਪੁੱਜੀਆਂ ਕਣਕ ਦੀ ਬਿਜਾਈ ਪਰਾਲੀ ਤੇ ਨਾੜ ਜਮੀਨ ‘ਚ ਵਾਹ ਕੇ ਹੀ ਕਰਨ ‘ਤੇ ਜ਼ੋਰ
-ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਸਾੜਨ ਦੇ ਮਾਮਲਿਆਂ ਦਾ ਜਾਇਜ਼ਾ
ਪਟਿਆਲਾ, 6 ਨਵੰਬਰ:
ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਨਿਵੇਕਲੀ ਪਹਿਲਕਦਮੀ, ਢਾਈ ਏਕੜ ਤੱਕ ਜਮੀਨ ਵਾਲੇ ਕਿਸਾਨਾਂ ਦੇ ਇੱਕ ਏਕੜ ਖੇਤ ਵਿੱਚ ਸਹਿਕਾਰੀ ਸਭਾ ਦੀ ਮਸ਼ੀਨਰੀ ਨਾਲ ਖੇਤੀਬਾੜੀ ਵਿਭਾਗ ਵੱਲੋਂ ਪ੍ਰਦਰਸ਼ਨੀ ਪਲਾਟ ਤਹਿਤ ਹੁਣ ਤੱਕ 75 ਏਕੜ ਜਮੀਨ ‘ਚ ਕਣਕ ਦੀ ਮੁਫ਼ਤ ਵਿੱਚ ਬਿਜਾਈ ਕਰਵਾਈ ਜਾ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਹੁਣ ਰੋਜ਼ਾਨਾ 25 ਕਿਸਾਨਾਂ ਦੇ ਖੇਤਾਂ ਵਿੱਚ ਡੈਮੋ ਪਲਾਟ ਦੀ ਬਿਜਾਈ ਕੀਤੀ ਜਾ ਰਹੀ ਹੈ ਤੇ ਕੁਲ 252 ਏਕੜ ਜਮੀਨ ਨੂੰ ਅਜਿਹੇ ਪ੍ਰਦਰਸ਼ਨੀ ਪਲਾਟ ਬਣਾਇਆ ਜਾਣਾ ਹੈ।
ਅੱਜ ਜ਼ਿਲ੍ਹੇ ਅੰਦਰ ਖੇਤਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦਾ ਜਾਇਜ਼ਾ ਲੈਂਦਿਆਂ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਉਨ੍ਹਾਂ ਕਿਸਾਨਾਂ ਤੱਕ ਪਿੰਡ-ਪਿੰਡ ਪਹੁੰਚ ਬਣਾਕੇ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਸਾਰੇ ਐਸ.ਡੀ.ਐਮਜ਼, ਡੀ.ਐਸ.ਪੀਜ਼, ਤਹਿਤਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਸਮੇਤ ਸਾਰੇ ਥਾਣਿਆਂ ਦੇ ਐਸ.ਐਚ.ਓਜ਼ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਖੇਤਾਂ ਵਿੱਚ ਪੁੱਜ ਰਹੇ ਹਨ ਤਾਂ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾ ਕੇ ਪਰਾਲੀ ਨੂੰ ਬਿਨ੍ਹਾਂ ਸਾੜੇ ਹੀ ਕਣਕ ਦੀ ਬਿਜਾਈ ਸੁਪਰ ਸੀਡਰ, ਸਰਫ਼ੇਸ ਸੀਡਰ ਜਾਂ ਹੈਪੀ ਸੀਡਰ ਨਾਲ ਕਰਵਾਈ ਜਾ ਸਕੇ।
ਇਸੇ ਦੌਰਾਨ ਉਨ੍ਹਾਂ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਕੋਈ ਵੀ ਕੰਬਾਇਨ ਬਿਨ੍ਹਾਂ ਸੁਪਰ ਐਸ.ਐਮ.ਐਸ. ਚਲਾਏ ਝੋਨੇ ਦੀ ਕਟਾਈ ਨਾ ਕਰੇ। ਇਸ ‘ਤੇ ਕਾਰਵਾਈ ਕਰਦਿਆਂ ਆਰ.ਟੀ.ਏ. ਬਬਨਦੀਪ ਸਿੰਘ ਵਾਲੀਆ ਦੀਆਂ ਟੀਮਾਂ ਨੇ ਇੱਥੇ ਸਰਹਿੰਦ ਰੋਡ ਵਿਖੇ ਇੱਕ ਖੇਤ ਵਿੱਚ ਬਿਨ੍ਹਾਂ ਐਸ.ਐਮ.ਐਸ. ਚੱਲ ਰਹੀ ਕੰਬਾਇਨ ਦਾ ਐਸ.ਐਮ.ਐਸ. ਚਲਵਾਇਆ ਅਤੇ ਦੱਸਿਆ ਕਿ ਵਿਭਾਗ ਵੱਲੋਂ ਚੈਕਿੰਗ ਲਗਾਤਾਰ ਜਾਰੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਪਰ ਸੀਡਰ ਤੇ ਹੈਪੀ ਸੀਡਰ ਆਦਿ ਮਸ਼ੀਨਾਂ ਲੈਣ ਲਈ ਕਿਸਾਨ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਵਟਸਐਪਚੈਟਬੋਟ ਨੰਬਰ 7380016070 ਦਾ ਪੂਰਾ ਲਾਭ ਲੈਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਝੋਨੇ ਦੇ ਨਾੜ ਤੇ ਫ਼ਸਲਾਂ ਦੀ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *