ਪੰਜਾਬ ‘ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਅੱਜ ਤੋਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ। ਇਸ ਲਈ ਬੱਸਾਂ ਦਾ ਸਫ਼ਰ ਕਰਨ ਵਾਲੇ ਲੋਕ ਸੋਚ-ਸਮਝ ਕੇ ਹੀ ਘਰੋਂ ਨਿਕਲਣ ਕਿਉਂਕਿ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਪਨਬੱਸ, ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਸਰਕਾਰ ਖ਼ਿਲਾਫ਼ ਮੋਰਚਾ ਖ਼ੋਲ੍ਹਦੇ ਹੋਏ ਮੰਗਲਵਾਰ ਰਾਤ ਨੂੰ 12 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜੋ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਜਾਰੀ ਰਹੇਗੀ। ਹੜਤਾਲ ਕਾਰਨ ਰੋਡਵੇਜ਼, ਪਨਬੱਸ, ਪੀ. ਆਰ. ਟੀ. ਸੀ. ਨਾਲ ਸਬੰਧਿਤ 3000 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ।
ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ
ਡਰਾਈਵਰਾਂ ਵੱਲੋਂ ਬੱਸਾਂ ਚਲਾਈਆਂ ਜਾਣਗੀਆਂ, ਜਿਸ ਤਹਿਤ ਪੰਜਾਬ ਭਰ ‘ਚ 250 ਦੇ ਲਗਭਗ ਸਰਕਾਰੀ ਬੱਸਾਂ ਚੱਲਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਬੀਤੀ ਰਾਤ 12 ਵਜੇ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੱਸਾਂ ਦੀ ਆਵਾਜਾਈ ‘ਚ ਭਾਰੀ ਗਿਰਾਵਟ ਆ ਗਈ ਕਿਉਂਕਿ ਠੇਕਾ ਕਰਮਚਾਰੀਆਂ ਵੱਲੋਂ ਸ਼ਾਮ ਤੋਂ ਬਾਅਦ ਲੰਮੇ ਰੂਟਾਂ ਲਈ ਆਵਾਜਾਈ ਰੋਕ ਦਿੱਤੀ ਗਈ। ਇਸ ਕਾਰਨ ਦਿੱਲੀ, ਹਰਿਆਣਾ, ਹਿਮਾਚਲ, ਉੱਤਰਾਖੰਡ, ਰਾਜਸਥਾਨ ਆਦਿ ਜਾਣ ਵਾਲੇ ਯਾਤਰੀਆਂ ਨੂੰ ਮੁੱਖ ਤੌਰ ’ਤੇ ਪਰੇਸ਼ਾਨੀਆਂ ਪੇਸ਼ ਆਈਆਂ। ਦੂਜੇ ਪਾਸੇ ਸਰਕਾਰੀ ਬੱਸਾਂ ਦੀ ਹੜਤਾਲ ਕਾਰਨ ਪ੍ਰਾਈਵੇਟ ਬੱਸਾਂ ਦੀ ਚਾਂਦੀ ਰਹੀ।