ਲੋਕਾਂ ਦੇ ਸਹਿਯੋਗ ਨਾਲ ਹੀ ਖ਼ਤਮ ਹੋਵੇਗੀ ਨਸ਼ਿਆਂ ਦੀ ਲਾਹਨਤ-ਡਾ. ਪ੍ਰੀਤੀ ਯਾਦਵ

ਪਟਿਆਲਾ, 26 ਜੂਨ:

ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੱਜ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਿਆਂ ਵਿਰੁੱਧ ਕਰਵਾਈ ਗਈ ਵਾਕਾਥੋਨ ਵਿੱਚ ਵੱਡੀ ਗਿਣਤੀ ਛੋਟੇ ਬੱਚਿਆਂ, ਵਿਦਿਆਰਥੀਆਂ ਤੇ ਖਿਡਾਰੀਆਂ ਨੇ ਹਿੱਸਾ ਲੈ ਕੇ ਨਸ਼ਿਆਂ ਦੀ ਵਰਤੋਂ ਤੇ ਗ਼ੈਰਕਾਨੂੰਨੀ ਤਸਕਰੀ ਖ਼ਿਲਾਫ਼ ਭਾਵੁਕ ਸੁਨੇਹਾ ਦਿੱਤਾ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕਰਵਾਈ ਇਸ ਵਾਕਾਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਸੱਦਾ ਦਿੱਤਾ ਕਿ ਸਾਰੇ ਸਮਾਜ ਨੂੰ ਨਸ਼ਿਆਂ ਵਿਰੁੱਧ ਇਕਜੁਟ ਹੋ ਕੇ ਇਸ ਬੁਰਾਈ ਦੇ ਖਾਤਮੇ ਲਈ ਸਹਿਯੋਗ ਕਰਨਾ ਚਾਹੀਦਾ ਹੈ।

ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਹੈ ਅਤੇ ਇਸ ਲਈ ਜਿੱਥੇ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ, ਉਥੇ ਹੀ ਨਸ਼ਿਆਂ ਦੀ ਮੰਗ ਖ਼ਤਮ ਕਰਨ ਲਈ ਸਮਾਜ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜਦਕਿ ਨਸ਼ੇ ਦੇ ਆਦੀਆਂ ਦੇ ਪੁਨਰਵਾਸ ਲਈ ਵੀ ਨਸ਼ਾ ਮੁਕਤੀ ਮੁਹਿੰਮ ਨੂੰ ਸਫ਼ਲਤਾ ਮਿਲ ਰਹੀ ਹੈ।

ਡਿਪਟੀ ਕਮਿਸ਼ਨਰ ਨੇ ਦੀ ਨਸ਼ਿਆਂ ਵਿਰੁੱਧ ਵਾਕਾਥੋਨ ‘ਚ ਛੋਟੇ ਬੱਚਿਆਂ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅੱਜ ਬੱਚਿਆਂ ਨੇ ਨਸ਼ਿਆਂ ਖ਼ਿਲਾਫ਼ ਭਾਵੁਕ ਸੁਨੇਹਾ ਦਿੱਤਾ ਹੈ, ਇਸ ਲਈ ਮਾਪੇ ਤੇ ਅਧਿਆਪਕ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ ਸਰਕਾਰ ਦੇ ਉਪਰਾਲੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਜੋੜਣ ਲਈ ਆਪਣੀ ਭੂਮਿਕਾ ਨਿਭਾਉਣ।

ਉਨ੍ਹਾਂ ਨੇ ਕਿਹਾ ਕਿ 15 ਤੋਂ 35 ਸਾਲ ਦੀ ਉਮਰ ਤੱਕ ਨਸ਼ਿਆਂ ਦੀ ਲਤ ਲੱਗਣ ਦਾ ਖ਼ਤਰਾ ਸਭ ਤੋਂ ਜਿਆਦਾ ਹੁੰਦਾ ਹੈ, ਇਸ ਲਈ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਦੋਸਤੀ ਦੇ ਵਾਸਤੇ ਪਾ ਕੇ ਨਸ਼ੇ ਦੀ ਲਤ ਲਗਾਉਣ ਵਾਲੇ ਤੋਂ ਦੂਰ ਰਹਿਣ ਅਤੇ ਨਸ਼ਾ ਤਸਕਰਾਂ ਦੀ ਸੂਚਨਾ ਸੇਫ਼ ਪੰਜਾਬ ਹੈਲਪਲਾਈਨ ਨੰਬਰ 9779100200 ‘ਤੇ ਦਿੱਤੀ ਜਾਵੇ।

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਦੀਪ ਕੌਰ ਚੀਮਾ ਅਤੇ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਇਸ ਵਾਕਾਥੋਨ ‘ਚ ਕੋਚਿੰਗ ਸੈਂਟਰ ਪੋਲੋ ਗਰਾਊਂਡ ਦੇ 600 ਖਿਡਾਰੀ ਬੱਚਿਆਂ ਨੇ ਭਾਗ ਲਿਆ, ਜਿਸ ‘ਚ ਹੈਂਡਬਾਲ, ਜਿਮਨਾਸਟਿਕ, ਵੇਟਲਿਫਟਿੰਗ, ਹਾਕੀ, ਫੁੱਟਬਾਲ, ਐਥਲੈਟਿਕਸ, ਬਾਸਕਟਬਾਲ, ਵਾਲੀਵਾਲ, ਖੋ-ਖੋ, ਬੈਡਮਿੰਟਨ, ਜੂਡੋ, ਲਾਅਨ ਟੈਨਿਸ, ਟੇਬਲ ਟੈਨਿਸ ਤੇ 8 ਸਾਲ ਤੋਂ 25 ਸਾਲ ਤੱਕ ਦੇ ਖਿਡਾਰੀ ਸ਼ਾਮਲ ਹਨ। ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਪੋਲੋ ਗਰਾਊਂਡ ਤੋਂ ਲੋਅਰ ਮਾਲ ਰੋਡ ਹੁੰਦੇ ਹੋਏ ਫੁਹਾਰਾ ਚੌਂਕ ਤੋਂ ਪੋਲੋ ਗਰਾਊਂਡ ਵਿੱਚ ਵਾਪਸੀ ਕੀਤੀ।

ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਤੇ ਸਿੱਖਿਆ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀ, ਖੇਡ ਵਿਭਾਗ ਦੇ ਕੋਚ ਤੇ ਹੋਰ ਪਤਵੰਤੇ ਵੀ ਮੌਜੂਦ ਸਨ। ਸਾਕੇਤ ਹਸਪਤਾਲ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ ਨੇ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਤੇ ਸਮਾਜ ਸੇਵੀ ਪਰਮਿੰਦਰ ਭਲਵਾਨ ਨੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ।

Leave a Reply

Your email address will not be published. Required fields are marked *