‘ਯੁੱਧ ਨਸ਼ਿਆਂ ਵਿਰੁੱਧ’ ਮੈਰਾਥਨ ‘ਚ 23 ਅਪ੍ਰੈਲ ਨੂੰ ਜ਼ਿਲ੍ਹਾ ਨਿਵਾਸੀ ਵੱਧ-ਚੜ੍ਹਕੇ ਹਿੱਸਾ ਲੈਣ-ਨਵਰੀਤ ਕੌਰ ਸੇਖੋਂ

ਪਟਿਆਲਾ, 21 ਅਪ੍ਰੈਲ:
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ, ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਈ ਜਾ ਰਹੀ ਮੈਰਾਥਨ ਦੌੜ ਵਿੱਚ ਹਿੱਸਾ ਲੈਣ ਲਈ ਮਿਤੀ 23 ਅਪ੍ਰੈਲ 2025 ਨੂੰ ਸਵੇਰੇ 6 ਵਜੇ ਪੋਲੋ ਗਰਾਊਂਡ ਵਿਖੇ ਵਧ-ਚੜ੍ਹਕੇ ਹਿੱਸਾ ਲੈਣ।
ਅੱਜ ਇੱਥੇ ਪੋਲੋ ਗਰਾਊਂਡ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੈਰਾਥਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਏ.ਡੀ.ਸੀ. ਸੇਖੋਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਤੇ ਨਸ਼ੇ ਦੀ ਲਤ ਲਗਾ ਚੁੱਕੇ ਲੋਕਾਂ ਨੂੰ ਇਸ ਤੋਂ ਖਹਿੜਾ ਛੁਡਵਾਉਣ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਸਿਟੀ ਪਲਵਿੰਦਰ ਸਿੰਘ ਚੀਮਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਜੋਤ ਕੌਰ, ਮੁੱਖ ਮੰਤਰੀ ਫੀਲਡ ਅਫ਼ਸਰ ਡਾ. ਨਵਜੋਤ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਡੀ.ਐਸ.ਪੀ. ਟ੍ਰੈਫਿਕ ਅੱਛਰੂ ਰਾਮ ਸ਼ਰਮਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਨਵਰੀਤ ਕੌਰ ਸੇਖੋਂ ਨੇ ਦੱਸਿਆ ਕਿ ਇਸੇ ਤਹਿਤ ਹੀ ਲੋਕਾਂ ਨੂੰ ਤੇ ਖਾਸ ਕਰਕੇ ਨੌਜਵਾਨ ਵਿਦਿਆਰਥੀ ਵਰਗ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਇਹ ਮੈਰਾਥਨ ਪੁਲਿਸ, ਖੇਡ, ਸਿੱਖਿਆ ਤੇ ਸਿਹਤ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਰਾਥਨ ਪੋਲੋ ਗਰਾਊਂਡ ਤੋਂ ਸ਼ੁਰੂ ਹੋ ਕੇ ਵਾਈਪੀਐਸ ਚੌਕ, ਠੀਕਰੀਵਾਲ ਤੇ ਫੁਹਾਰਾ ਚੌਕ, ਲੀਲਾ ਭਵਨ, ਬਾਰਾਂਦਾਰੀ, ਸ਼ੇਰਾਂਵਾਲਾ ਗੇਟ, ਫੂਲ ਸਿਨੇਮਾ ਤੋਂ ਹੁੰਦੇ ਹੋਏ ਮੋਦੀ ਕਾਲਜ ਚੌਂਕ ਤੋਂ ਪੋਲੋ ਗਰਾਊਂਡ ਵਿਖੇ ਸਮਾਪਤ ਹੋਵੇਗੀ।
ਏ.ਡੀ.ਸੀ. ਨੇ ਸਾਰੀਆਂ ਸਿੱਖਿਆ ਸੰਸਥਾਵਾਂ ਨੂੰ ਕਿਹਾ ਕਿ ਉਹ ਨੌਜਵਾਨਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੈਰਾਥਨ ਰੈਲੀ ਵਿੱਚ ਵੱਧ ਚੜ÷  ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਤਾਂ ਜੋ ਉਹ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਿਆਂ ਵਿਰੁੱਧ ਇਸ ਲਹਿਰ ਦਾ ਹਿੱਸਾ ਬਣਨ ਅਤੇ ਨੌਜਵਾਨਾਂ ਅਤੇ ਹਰ ਉਮਰ ਵਰਗ ਦੇ ਨਾਗਰਿਕਾਂ ਨੂੰ ਨਸ਼ਿਆਂ ਵਿਰੁੱਧ ਸੁਚੇਤ ਕਰ ਸਕਣ।ਇਸ ਤਰ੍ਹਾਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਰਕਾਰ ਦਾ ਸਹਿਯੋਗ ਕੀਤਾ ਜਾ ਸਕੇਗਾ। ਉਹਨਾ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰ ਵਲੋਂ ਨਸ਼ੇ ਨੂੰ ਠੱਲ ਪਾਉਣ ਲਈ ਇਸ ਉਪਰਾਲੇ ਨੂੰ ਵੱਧ ਤੋਂ ਵੱਧ ਕਾਮਯਾਬ ਬਣਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ, ਰੈਡ ਕਰਾਸ ਸੁਸਾਇਟੀ, ਜ਼ਿਲ੍ਹਾ ਸਿੱਖਿਆ ਅਫ਼ਸਰ, ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਸਰਕਾਰੀ ਕਾਲਜ ਲੜਕੀਆਂ, ਸਰਕਾਰੀ ਮਹਿੰਦਰਾ ਕਾਲਜ, ਸਰਕਾਰੀ ਬਿਕਰਮ ਕਾਲਜ ਆਫ ਕਾਮਰਸ, ਸਟੇਟ ਕਾਲਜ, ਸਰਕਾਰੀ ਕਾਲਜ ਆਫ ਐਜੂਕੇਸ਼ਨ, ਪ੍ਰੋਫੈਸਰ ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜੀਕਲ ਐਜੂਕੇਸ਼ਨ ਪਟਿਆਲਾ ਦੇ ਨੁਮਾਇੰਦੇ ਵੀ ਮੌਜੂਦ ਸਨ।

Leave a Reply

Your email address will not be published. Required fields are marked *