ਪਟਿਆਲਾ, 19 ਫਰਵਰੀ:
ਪਟਿਆਲਾ ਹੈਰੀਟੇਜ ਮੇਲੇ ਤਹਿਤ ਸ਼ੀਸ਼ ਮਹਿਲ ਵਿਖੇ ਲਗਾਏ ਜਾ ਰਹੇ ਸਰਸ ਮੇਲੇ ਵਿੱਚ ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਰਣਜੀਤ ਬਾਵਾ ਵੱਲੋਂ 19 ਫਰਵਰੀ ਨੂੰ ਆਪਣੀ ਗਾਇਕੀ ਦੀ ਪੇਸ਼ਕਾਰੀ ਦਿੱਤੀ ਜਾਵੇਗੀ। ਇਸ ਦਿਨ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਟਿਕਟ 100 ਰੁਪਏ ਦੀ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਰਸ ਮੇਲੇ ਨੂੰ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਸਮੇਤ ਪੰਜਾਬ ਤੇ ਹਰਿਆਣਾ ਦੇ ਵਸਨੀਕ ਭਰਵਾਂ ਹੁੰਗਾਰਾ ਦੇ ਰਹੇ ਹਨ।
ਮੇਲੇ ਦੇ ਨੋਡਲ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਹੋਰ ਕਿਹਾ ਕਿ 14 ਫਰਵਰੀ ਤੋਂ ਸ਼ੀਸ਼ ਮਹਿਲ ਵਿਖੇ ਚੱਲ ਰਹੇ ਸਰਸ ਮੇਲੇ ‘ਚ ਰੋਜ਼ਾਨਾ ਸਵੇਰੇ ਤੋਂ ਹੀ ਵੱਖ ਵੱਖ ਰਾਜਾਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਪ੍ਰਸਿੱਧ ਕਵਾਲ ਤੇ ਪਟਿਆਲਾ ਘਰਾਣੇ ਦੇ ਗਾਇਕ ਸਰਦਾਰ ਅਲੀ ਨੇ ਆਪਣੀ ਗਾਇਕੀ ਦੀ ਵਿਲੱਖਣ ਪੇਸ਼ਕਾਰੀ ਦਿੱਤੀ।
ਏ.ਡੀ.ਸੀ. ਜੌਹਲ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ਾਮ 3 ਵਜੇ ਤੋਂ ਬਾਅਦ ਗਾਇਕ ਰਣਜੀਤ ਬਾਵਾ ਦੀ ਪੇਸ਼ਕਾਰੀ ਤੱਕ ਸਰਸ ਮੇਲੇ ਦੀ ਟਿਕਟ 100 ਰੁਪਏ ਦੀ ਹੋਵੇਗੀ ਜਦਕਿ ਜਦੋਂਕਿ ਇਸ ਤੋਂ ਪਹਿਲਾਂ ਟਿਕਟ ਕੇਵਲ 20 ਰੁਪਏ ਦੀ ਰਹੇਗੀ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਸਰਸ ਮੇਲੇ ਦਾ ਵੱਧ ਤੋਂ ਵੱਧ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੇਲੇ ‘ਚ ਆਏ ਦੇਸ਼-ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਦੀ ਮੇਲੇ ‘ਚ ਸ਼ਾਮਲ ਹੋਕੇ ਹੌਸਲਾ ਅਫ਼ਜ਼ਾਈ ਕੀਤੀ ਜਾਵੇ।