ਸੀ.ਐਮ. ਦੀ ਯੋਗਸ਼ਾਲਾ ਪ੍ਰਾਜੈਕਟ ਬਣਿਆ ਵਰਦਾਨ ਪਟਿਆਲਵੀਆਂ ਨੂੰ ਦਿੱਤੀ ਬਿਮਾਰੀਆਂ ਤੋਂ ਰਾਹਤ,

ਪਟਿਆਲਾ, 15 ਜੂਨ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਸੁਪਨਮਈ ਪ੍ਰੋਜੈਕਟ ਸੀ.ਐਮ. ਦੀ ਯੋਗਸ਼ਾਲਾ ਨਾਲ
ਪਟਿਆਲਾ ਦੇ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ। ਪੰਜਾਬ ਸਰਕਾਰ ਦਾ ਇਹ ਅਹਿਮ ਪ੍ਰੋਜੈਕਟ ‘ਸੀ.ਐਮ. ਦੀ ਯੋਗਸ਼ਾਲਾ’, ਪਟਿਆਲਾ ਜ਼ਿਲ੍ਹੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜ਼ਿਲ੍ਹੇ ਭਰ ਵਿੱਚ ਸ਼ੁਰੂ ਕੀਤੀਆਂ ਯੋਗਾ ਕਲਾਸਾਂ ਵਿੱਚ ਸ਼ਾਮਲ ਹੋ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ।
ਇਸ ਪ੍ਰੋਗਰਾਮ ਤਹਿਤ ਯੋਗਾ ਇੰਸਟ੍ਰਕਟਰਾਂ ਵੱਲੋਂ ਮੁਫਤ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਸ ਵਿੱਚ ਯੋਗਾਤਮਕ ਸੂਖਮ ਅਭਿਆਸ, ਆਸਣ, ਪ੍ਰਾਣਾਯਾਮ ਅਤੇ ਧਿਆਨ ਸਿਖਾਇਆ ਜਾਂਦਾ ਹੈ। ਹਰ ਉਮਰ ਦੇ ਲੋਕ ਇਨ੍ਹਾਂ ਕਲਾਸਾਂ ਵਿਚ ਸ਼ਾਮਲ ਹੋ ਰਹੇ ਹਨ ਅਤੇ ਉਹ ਜੋੜਾਂ ਦੇ ਦਰਦ, ਸ਼ੂਗਰ, ਥਾਇਰਾਇਡ, ਬਲੱਡ ਪ੍ਰੈਸ਼ਰ ਆਦਿ ਕਈ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ।
ਯੋਗਾ ਕਲਾਸਾਂ ਦੇ ਯੋਗਾ ਇੰਸਟ੍ਰਕਟਰ ਪ੍ਰੀਤੀ ਨੇ ਕਿਹਾ, “ਯੋਗਾ ਸਿਰਫ਼ ਕਸਰਤ ਨਹੀਂ ਹੈ,ਬਲਕਿ ਇਹ ਇੱਕ ਜੀਵਨ ਸ਼ੈਲੀ ਹੈ, ਜੋ ਕਿ ਨਾ ਸਿਰਫ਼ ਸਰੀਰਕ ਸਿਹਤ ਨੂੰ ਲਾਭ ਪਹੁੰਚਾਉਂਦੀ ਹੈ ਬਲਕਿ ਮਾਨਸਿਕ ਸ਼ਕਤੀ ਵੀ ਪ੍ਰਦਾਨ ਕਰਦੀ ਹੈ ਇਸ ਲਈ ਹਰੇਕ ਵਿਅਕਤੀ ਇੱਕ ਸਿਹਤਮੰਦ ਜੀਵਨ ਸ਼ੈਲੀ ਲਈ ਯੋਗਾ ਕਲਾਸਾਂ ਦਾ ਲਾਭ ਜਰੂਰ ਲਵੇ।”
ਕੁਝ ਦਿਨ ਪਹਿਲਾਂ ਇਹ ਯੋਗਾ ਕਲਾਸਾਂ ਸ਼ੁਰੂ ਕਰਨ ਵਾਲੇ ਪਵਨ ਕੁਮਾਰ ਦਾ ਕਹਿਣਾ ਹੈ, ਕਿ “ਮੈਂ ਪਿਛਲੇ ਕੁਝ ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਪੀੜਤ ਸੀ। ਦਵਾਈਆਂ ਲੈਣ ਤੋਂ ਬਾਅਦ ਵੀ ਕੋਈ ਰਾਹਤ ਨਹੀਂ ਮਿਲੀ। ਪਰ ਪਿਛਲੇ ਦੋ ਮਹੀਨਿਆਂ ਤੋਂ ਮੈਂ ਨਿਯਮਿਤ ਤੌਰ ‘ਤੇ ਯੋਗਾ ਕਲਾਸਾਂ ਵਿੱਚ ਸ਼ਾਮਲ ਹੋ ਰਿਹਾ ਹਾਂ ਅਤੇ ਮੈਨੂੰ ਬਹੁਤ ਫਰਕ ਮਹਿਸੂਸ ਹੋ ਰਿਹਾ ਹੈ, ਮੇਰਾ ਦਰਦ ਘੱਟ ਗਿਆ ਹੈ ਅਤੇ ਮੈਂ ਪਹਿਲਾਂ ਨਾਲੋਂ ਜ਼ਿਆਦਾ ਤੰਦਰੁਸਤ ਮਹਿਸੂਸ ਕਰ ਰਿਹਾ ਹਾਂ।
ਪਟਿਆਲਾ ਦੀ ਇੱਕ ਵਸਨੀਕ ਮੀਨੂੰ ਨੇ ਕਿਹਾ, “ਮੈਂ ਥਾਇਰਾਈਡ ਦੀ ਸਮੱਸਿਆ ਤੋਂ ਪੀੜਤ ਸੀ। ਦਵਾਈਆਂ ਲੈਣ ਦੇ ਨਾਲ-ਨਾਲ ਮੈਂ ਇੱਕ ਯੋਗਾ ਕਲਾਸ ਵਿੱਚ ਸ਼ਾਮਲ ਹੋ ਗਈ। ਯੋਗਾ ਕਰਨ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਹੈ। ਮੇਰਾ ਥਾਇਰਾਈਡ ਲੈਵਲ ਹੁਣ ਕੰਟਰੋਲ ਵਿੱਚ ਹੈ। ਮਾਨਸਿਕ ਤਣਾਅ ਘੱਟ ਗਿਆ ਹੈ।”
ਯੋਗਾ ਕਲਾਸਾਂ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦਾ ਕਹਿਣਾ ਹੈਕਿ  ਮੁੱਖ ਮੰਤਰੀ ਯੋਗਸ਼ਾਲਾ ਪ੍ਰੋਜੈਕਟ, ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ, ਜਿਸ ਰਾਹੀਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਯੋਗਾ ਦਾ ਨਿਯਮਤ ਅਭਿਆਸ ਨਾ ਸਿਰਫ਼ ਲੋਕਾਂ ਨੂੰ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਬਲਕਿ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਦੀ ਪ੍ਰੇਰਣਾ ਵੀ ਦਿੰਦਾ ਹੈ।
ਇਸੇ ਦੌਰਾਨ ਸੀਐਮ ਯੋਗਸ਼ਾਲਾ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸੀਐਮ ਯੋਗਸ਼ਾਲਾ ਪਟਿਆਲਾ ਦੇ ਲੋਕਾਂ ਦੀ ਸਿਹਤ ਲਈ ਵਰਦਾਨ ਸਾਬਤ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਇਹ ਯੋਗਾ ਕਲਾਸਾਂ ਪਟਿਆਲਾ ਸ਼ਹਿਰ ਦੇ ਨਾਲ-ਨਾਲ ਰਾਜਪੁਰਾ, ਸਮਾਣਾ, ਪਾਤੜਾਂ, ਨਾਭਾ, ਭਾਦਸੋਂ, ਘੱਗਾ ਅਤੇ ਘਨੌਰ ਵਿੱਚ ਵੀ ਚੱਲ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਰੋਜ਼ਾਨਾ ਯੋਗਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਲੋਕ ਟੋਲ ਫਰੀ ਨੰਬਰ 76694-00500 ‘ਤੇ ਕਾਲ ਕਰ ਸਕਦੇ ਹਨ ਜਾਂ ਤੁਸੀਂ https://cmdiyogshala.punjab.gov.in ‘ਤੇ ਲਾਗਇਨ ਕਰ ਸਕਦੇ ਹੋ।

Leave a Reply

Your email address will not be published. Required fields are marked *